ਜਥੇਦਾਰ ਰਣਜੀਤ ਸਿੰਘ ਨੇ ਪ੍ਰਬੰਧ ਕਮੇਟੀ ਵਿੱਚ ਬਦਲਾਅ ਲਿਆਉਣ ਦੀ ਕੀਤੀ ਅਪੀਲ।

ਸ.ਮਹਿੰਦਰ ਸਿੰਘ ਰਾਜੂ ਵਾਰਡ ਨੰਬਰ 36, ਸਫ਼ਦਰਜੰਗ ਇਨਕਲੇਵ ਹਲਕੇ ਤੋਂ ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਹੋਣਗੇ।

26 ਮਾਰਚ ਦਿਨ ਸ਼ੁੱਕਰਵਾਰ ਨੂੰ ਵਾਰਡ ਨੰਬਰ 36, ਸਫ਼ਦਰਜੰਗ ਇਨਕਲੇਵ ਹਲਕੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਗੁਰਸਿੱਖਾਂ ਨੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬਹੁਤ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ।ਸੰਗਤਾਂ ਨੇ ਮੰਗ ਕੀਤੀ ਕਿ ਸਰਦਾਰ ਮਹਿੰਦਰ ਸਿੰਘ ਰਾਜੂ ਨੂੰ ਵਾਰਡ ਨੰਬਰ 36 ਤੋਂ ਪੰਥਕ ਅਕਾਲੀ ਲਹਿਰ ਵਲੋਂ ਉਮੀਦਵਾਰ ਐਲਾਨਿਆ ਜਾਵੇ, ਜਿਨ੍ਹਾਂ ਨੂੰ ਉਹ ਤਨਦੇਹੀ ਨਾਲ ਮਿਹਨਤ ਕਰਕੇ ਜਿੱਤਾ ਕੇ ਭੇਜਣਗੇ। ਸੰਗਤਾਂ ਦੀ ਇੱਛਾ ਅਨੁਸਾਰ ਜੈਕਾਰਿਆਂ ਦੀ ਗੂੰਜ ਵਿੱਚ ਸਿਰੋਪਾਓ ਪਾ ਕੇ ਸ. ਮਹਿੰਦਰ ਸਿੰਘ ਦੇ ਨਾਮ ਦੀ ਪ੍ਰਵਾਨਗੀ ਦਿੱਤੀ ਗਈ।ਇਸ ਮੀਟਿੰਗ ਵਿੱਚ ਪਹੁੰਚੇ ਇਲਾਕੇ ਦੇ ਦਾਨਿਸ਼ਮੰਦ ਸਿੱਖਾਂ ਨੇ ਸਿੰਘ ਸਾਹਿਬ ਦੇ ਵਿਚਾਰ ਸੁਣੇ।

ਸਿੰਘ ਸਾਹਿਬ ਨੇ ਦੱਸਿਆ ਲੰਮੇ ਸਮੇਂ ਤੋਂ ਦਿੱਲੀ ਅਤੇ ਪੰਜਾਬ ਦੀਆਂ ਪ੍ਰਬੰਧ ਕਮੇਟੀਆਂ ‘ਤੇ ਕਾਬਜ਼ ਗੁਰੂ ਦੋਖੀ ਪੰਥ ਦਾ ਬਹੁਮੁੱਲਾ ਸਰਮਾਇਆ ਅਤੇ ਪੁਰਾਤਨ ਗ੍ਰੰਥ ਖਤਮ ਕਰ ਰਹੇ ਹਨ। ਸਾਡੇ ਬਹੁਤੇ ਪੁਰਾਤਨ ਗ੍ਰੰਥ ਅੱਜ ਮਿਲ ਨਹੀਂ ਰਹੇ ਜਿਨ੍ਹਾਂ ਨੂੰ ਬਾਦਲ ਨੇ ਪਤਾ ਨਹੀਂ ਕਿਹੜੀ ਏਜੰਸੀ ਦੇ ਹਵਾਲੇ ਕਰ ਦਿੱਤਾ ਹੈ। ਜਿਸ ਕਰਕੇ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਸਿੰਘ ਸਾਹਿਬ ਨੇ ਗੁਰੂ ਘਰ ਦੀ ਗੋਲਕ ਦੀ ਹੋ ਰਹੀ ਲੁੱਟ ਖਸੁੱਟ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਸਾਡੀਆਂ ਅਰਬਾਂ ਰੁਪਏ ਦੀਆਂ ਵਿਦਿਅਕ ਸੰਸਥਾਵਾਂ ਅੱਜ ਕੰਗਾਲ ਹੋ ਰਹੀਆਂ ਹਨ ਅਤੇ ਇਨ੍ਹਾਂ ਅਦਾਰਿਆਂ ਦੇ ਟੀਚਰ ਸੜਕਾਂ ‘ਤੇ ਧਰਨੇ ਦੇ ਰਹੇ ਹਨ। ਉਨ੍ਹਾਂ ਸੰਗਤਾਂ ਅਪੀਲ ਕੀਤੀ ਕਿ ਇਨ੍ਹਾਂ ਅਦਾਰਿਆਂ ਨੂੰ ਬਚਾਉਣ ਲਈ, ਗੁਰੂਘਰ ਦੇ ਸਿਧਾਂਤ ਅਤੇ ਜਾਇਦਾਦਾਂ ਨੂੰ ਬਚਾਉਣ ਲਈ, ਵਧੀਆ ਸਿਹਤ ਸਹੂਲਤਾਂ ਅਤੇ ਕੌਮ ਦੇ਼ ਉਜਲ ਭਵਿੱਖ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ। ਅੱਜ ਕਮੇਟੀ ਦਾ ਪ੍ਰਧਾਨ ਗੁਰੂ ਦੀ ਗੋਲਕ ਵਿੱਚੋ ਖ਼ਰਚ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਮੀਡੀਆ ਨੂੰ ਲੱਖਾਂ ਰੁਪਏ ਦੇ ਕੇ ਆਪਣਾ ਚਿਹਰਾ ਚਮਕਾਉਣ ਦਾ ਯਤਨ ਕਰ ਰਿਹਾ ਹੈ। ਸਿੰਘ ਸਾਹਿਬ ਨੇ ਇਸ ਤਰ੍ਹਾਂ ਦੇ ਨਕਲੀ ਪ੍ਰਚਾਰ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕੀਤਾ।

ਚੋਣਾਂ ਵਿੱਚ ਸੱਚੇ-ਸੁੱਚੇ ਕਿਰਦਾਰ ਵਾਲੇ ਸਿੱਖਾਂ ਨੂੰ ਜਿਤਾਉਣ ਦੀ ਬੇਨਤੀ ਕੀਤੀ। ਇਸ ਸਮੇਂ ਸ. ਗੁਰਮੁੱਖ ਸਿੰਘ (ਪ੍ਰਧਾਨ ਗੁਰਦੁਆਰਾ ਆਰ.ਕੇ.ਪੁਰਮ),ਸ. ਜਤਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਅਰਜਨ ਨਗਰ),ਸ.ਰਵਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਅਰਜਨ ਨਗਰ),ਸੀਨੀਅਰ ਵਕੀਲ ਨੀਨਾ ਸਿੰਘ, ਕੁਲਜੀਤ ਸਿੰਘ ਗੌਤਮ ਨਗਰ, ਸੁਖਵਿੰਦਰ ਸਿੰਘ ਅਤੇ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਸ. ਬਖਸ਼ੀਸ ਸਿੰਘ ਜੋ ਕਿ 91 ਸਾਲ ਦੀ ਉਮਰ ਵਿੱਚ ਵੀ ਪੂਰੀ ਚੜ੍ਹਦੀ ਕਲਾ ਵਿੱਚ ਹਨ ਸੰਗਤਾਂ ਵਿੱਚ ਹਾਜ਼ਰ ਸਨ।