ਦਸਮ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਸਮਾਗਮ

(ਪਿੰਡ: ਮਰਦਾਂਪੁਰ, ਘਨੌਰ) –  ਇਸ ਇਲਾਕੇ ਦੀ ਸਿੱਖ ਸੰਗਤ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਈ।

ਸਿੰਘ ਸਾਹਿਬ ਨੇ ਦਸਮ ਪਾਤਸ਼ਾਹ ਜੀ ਦੀ ਜੀਵਨੀ, ਕੁਰਬਾਨੀ ਅਤੇ ਕਰਨੀ ਬਾਰੇ ਸਿੱਖ ਸੰਗਤ ਨਾਲ ਵਿਚਾਰਾਂ ਕੀਤੀਆਂ। ਸਿੰਘ ਸਾਹਿਬ ਨੇ ਕਿਹਾ ਦਸਮ ਪਾਤਸ਼ਾਹ ਨੇ ਆਪਣੇ ਪਿਤਾ ਅਤੇ ਪੁੱਤਰਾਂ ਦੀਆਂ ਸ਼ਹਾਦਤਾਂ ਦੇ ਕੇ ਕੌਮ ਨੂੰ ਪਵਿੱਤਰ ਖਾਲਸਾ ਪੰਥ ਬਖਸ਼ਿਆ। ਅੱਜ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਸ ਪੰਥ ਨੂੰ ਚੜ੍ਹਦੀਕਲਾ ਵਿੱਚ ਲਿਜਾਣ ਲਈ ਆਪਣਾ ਸਹਿਯੋਗ ਦੇਈਏ।

ਇਸ ਤੋੰ ਇਲਾਵਾ ਸਿੰਘ ਸਾਹਿਬ ਨੇ ਦਿੱਲੀ ਵਿੱਚ ਜੋ ਕਿਸਾਨ ਵੀਰ ਧਰਨੇ ‘ਤੇ ਬੈਠੇ ਹਨ, ਉਨਾਂ ਦੀ ਪੁਰਜ਼ੋਰ ਸਹਾਇਤਾ ਕਰਨ ਬਾਰੇ ਵੀ ਅਪੀਲ ਕੀਤੀ।

ਇਹ ਸਮਾਗਮ ਪ੍ਰਬੰਧਕ ਕਮੇਟੀ ਦੇ ਦੀਵਾਨ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਰਤਨ ਸਿੰਘ ਅਤੇ ਸਾਰੇ ਅਹੁਦੇਦਾਰ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਐਲਾਨ ਕੀਤਾ।