ਪ੍ਰਬੰਧਕ ਕਮੇਟੀ ਨੇ ਗਾਇਬ ਹੋਏ ਪਾਵਨ ਸਰੂਪਾਂ ਦੀ ਅਸਲ ਜਾਂਚ ਰਿਪੋਰਟ ਛੁਪਾਈ, ਜੇ ਕਾਂਗਰਸ ਸਰਕਾਰ ਦੀ ਬਾਦਲਾਂ ਨਾਲ ਮਿਲੀਭੁਗਤ ਨਹੀਂ ਹੈਂ ਤਾਂ ਉਹ ਜਲਦੀ ਤੋਂ ਜਲਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਏ

(ਸਥਾਨ: ਸ੍ਰੀ ਅੰਮ੍ਰਿਤਸਰ ਸਾਹਿਬ) – ਗਾਇਬ ਹੋਏ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਅੱਜ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਿਸਦੀ ਅਗਵਾਈ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਇਹ ਮਾਰਚ ਅਕਾਲੀ ਫੂਲਾ ਸਿੰਘ ਬੁਰਜ ਤੋਂ ਸ਼ੁਰੂ ਹੋਕੇ ਸਾਹਮਣੇ ਘੰਟਾ ਘਰ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਿਆ। ਇੱਥੇ ਪਹੁੰਚ ਕੇ ਸਾਰੀ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਰਹੀ।

ਸਿੰਘ ਸਾਹਿਬ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੈਲੇਂਜ ਕੀਤਾ ਸੀ ਕਿ ਉਹ ਪ੍ਰੈੱਸ ਸਾਹਮਣੇ ਆ ਕੇ ਗਾਇਬ ਹੋਏ ਪਾਵਨ ਸਰੂਪਾਂ ਸੰਬੰਧੀ ਡਿਬੇਟ ਕਰਨ। ਸਿੰਘ ਸਾਹਿਬ ਨੇ 3 ਵਜੇ ਤੱਕ ਦਾ ਸਮਾਂ ਦਿੱਤਾ ਸੀ ਕਿ ਸਾਡੇ ਸਵਾਲਾਂ ਦਾ ਬਾਹਰ ਆ ਕੇ ਜਵਾਬ ਦਿਓ। ਭਾਈ ਲੌਂਗੋਵਾਲ ਜਾਂ ਜਥੇਦਾਰ ਹਰਪ੍ਰੀਤ ਸਿੰਘ ਤਾਂ ਨਹੀਂ ਆਏ, ਜਿਸਤੋਂ ਬਾਅਦ ਜਥੇਦਾਰ ਭਾਈ ਰਣਜੀਤ ਸਿੰਘ ਨੇ ਉੱਥੇ ਪਹੁੰਚੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ।

ਸਿੰਘ ਸਾਹਿਬ ਨੇ ਕਿਹਾ ਕਿ ਗਾਇਬ ਹੋਏ 328 ਪਾਵਨ ਸਰੂਪਾਂ ਤੋਂ ਇਲਾਵਾ ਜੂਨ ’84 ਵੇਲੇ ਫੌਜ ਵੱਲੋਂ ਚੁੱਕਿਆ ਗਿਆ ਬੇਸ਼ਕੀਮਤੀ ਸਮਾਨ ਵੀ ਸਾਨੂੰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਫੌਜ ਕਹਿ ਚੁੱਕੀ ਹੈ ਕਿ ਅਸੀਂ ਸਾਰਾ ਸਮਾਨ ਵਾਪਸ ਕਰ ਚੁੱਕੇ ਹਾਂ। ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਬੇਸ਼ਕੀਮਤੀ 200 ਹੱਥ ਲਿਖਤ ਗ੍ਰੰਥ, 28 ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ, ਮਾਤਾ ਸੁੰਦਰੀ ਜੀ ਅਤੇ ਮਾਤਾ ਗੁਜਰੀ ਜੀ ਦੇ ਹੁਕਮਨਾਮੇ ਇਹ ਸਾਰਾ ਬੇਸ਼ਕੀਮਤੀ ਸਮਾਨ ਸਾਨੂੰ ਨਹੀਂ ਮਿਲ ਰਿਹਾ। ਕਮੇਟੀ ਜਵਾਬ ਦੇਵੇ ਕਿ ਇਹ ਸਾਰਾ ਸਮਾਨ ਕਿੱਥੇ ਗਿਆ।

ਸਿੰਘ ਸਾਹਿਬ ਨੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਜਨਤਕ ਕੀਤੀ ਗਈ ਜਾਂਚ ਰਿਪੋਰਟ ਨਕਲੀ ਹੈ, ਅਸਲ ਜਾਂਚ ਰਿਪੋਰਟ ਛੁਪਾਈ ਗਈ ਹੈ। ਉਹਨਾਂ ਕਿਹਾ ਕਿ ਇਸ ਜਾਂਚ ਰਿਪੋਰਟ ਵਿੱਚ ਲਿਖਿਆ ਹੋਇਆ ਹੈ ਕਿ ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਦੋਸ਼ੀ ਹੈ, ਤਾਂ ਫਿਰ ਉਸਨੂੰ ਸਜਾ ਕਿਉਂ ਨਹੀਂ ਦਿੱਤੀ ਜਾਂਦੀ।

ਸਿੰਘ ਸਾਹਿਬ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਦੀ ਬਾਦਲਾਂ ਨਾਲ ਮਿਲੀਭੁਗਤ ਨਹੀਂ ਹੈਂ ਤਾਂ ਉਹ ਜਲਦੀ ਤੋਂ ਜਲਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਏ, ਨਹੀਂ ਤਾਂ ਅਸੀਂ ਆਖਾਂਗੇ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।