ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਬਾਦਲ ਪਰਿਵਾਰ ਨੂੰ ਵੱਡੀ ਚੁਣੌਤੀ, ਪੰਥਕ ਕਚਹਿਰੀ ਵਿਚ ਜਵਾਬ ਨਾ ਦਿੱਤਾ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਸੰਗਤ ਹਵਾਲੇ ਕਰਨ ਲਈ ਹਜ਼ਾਰਾਂ ਦਾ ਜਥਾ ਲੈ ਕੇ ਜਾਵਾਂਗੇ
*ਕੇਂਦਰ ਸਰਕਾਰ ਕੋਲੋਂ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ, ਜੇਕਰ ਚੋਣਾਂ ਨਾ ਹੋਈਆਂ ਤਾਂ ‘ਚਾਬੀਆਂ ਦੇ ਮੋਰਚੇ’ ਵਾਂਗ ਕੀਤੀ ਜਾਵੇਗੀ ਕੋਈ ਵੱਡੀ ਕਾਰਵਾਈ
*ਪੰਥਕ ਅਕਾਲੀ ਲਹਿਰ ਮਾਝਾ ਜੋਨ ਵਲੋਂ ਅੰਮ੍ਰਿਤਸਰ ਵਿਚ ਜ਼ਬਰਦਸਤ ਕਾਨਫਰੰਸ
ਅੰਮ੍ਰਿਤਸਰ, 17 ਦਸੰਬਰ – ਪੰਥਕ ਅਕਾਲੀ ਲਹਿਰ ਵਲੋਂ ਮਾਝਾ ਜੋਨ ਦੀ ਵਿਸ਼ਾਲ ਪੰਥਕ ਕਾਨਫਰੰਸ ਅੱਜ ਇੱਥੇ ਗੁਰੂ ਨਾਨਕ ਭਵਨ ਵਿਖੇ ਕੀਤੀ ਗਈ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬਿਤ ਪਈਆਂ ਚੋਣਾਂ ਤੁਰੰਤ ਕਰਵਾਉਣ ਲਈ ਕੇਂਦਰ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਮੁਖੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਿੱਖੇ ਤੇਵਰਾਂ ਵਿਚ ਆਖਿਆ ਕਿ ਜੇਕਰ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾਉਂਦੀ ਤਾਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਾਂ ਨੂੰ ਮਹੰਤ ਬਣ ਕੇ ਬੈਠੇ ਬਾਦਲ ਪਰਿਵਾਰ ਕੋਲੋਂ ਛੁਡਵਾਉਣ ਲਈ ਇਤਿਹਾਸਕ ‘ਚਾਬੀਆਂ ਦੇ ਮੋਰਚੇ’ ਵਰਗਾ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ, ਜਿਸ ਤੋਂ ਨਿਕਲਣ ਵਾਲੇ ਹਰ ਪ੍ਰਕਾਰ ਦੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਉਹ ਅਗਲੇ ਦੋ ਮਹੀਨੇ ਪੰਜਾਬ ਭਰ ਵਿਚ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋਏ ਅਜੋਕੇ ਨਰੈਣੂਆਂ ਨੂੰ ਭਜਾਉਣ ਲਈ ਲਾਮਬੰਦ ਕਰਨਗੇ ਅਤੇ ਫਰਵਰੀ ਮਹੀਨੇ ਉਹ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਵਾਲੀ ਦਰਸ਼ਨੀ ਡਿਓਢੀ ਦੇ ਬਾਹਰ ਬੈਠ ਕੇ ਪੰਥ ਨਾਲ ਕੀਤੀ ਬੇਵਿਸਾਹੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੋ ਦਿਨ ਤੱਕ ਉਡੀਕ ਕਰਨਗੇ ਤਾਂ ਜੋ ਉਹ ਪੰਥਕ ਕਚਹਿਰੀ ਵਿਚ ਕੌਮੀ ਸਰਮਾਏ ਦੇ ਕੀਤੇ ਘਾਣ ਦਾ ਸਪੱਸ਼ਟੀਕਰਨ ਦੇਣ ਅਤੇ ਜੇਕਰ ਉਹ ਕੌਮ ਅੱਗੇ ਜਵਾਬ ਨਹੀਂ ਦੇਣਗੇ ਤਾਂ ਫਿਰ ਗੁਰਦੁਆਰਿਆਂ ਦੇ ਪ੍ਰਬੰਧ ਬਾਦਲ ਪਰਿਵਾਰ ਹੱਥੋਂ ਲੈ ਕੇ ਪੰਥ ਦੇ ਹਵਾਲੇ ਕਰਨ ਲਈ ਉਨ੍ਹਾਂ ਨੂੰ ਮਜਬੂਰਨ ਸਖਤ ਕਦਮ ਚੁੱਕਣਾ ਪਵੇਗਾ।
ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਸਾਡੇ ਪੁਰਖਿਆਂ ਨੇ ਆਪਣੀ ਲਹੂ-ਮਿੱਝ ਅਤੇ ਸਿਰਾਂ ਉੱਤੇ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਕਾਇਮ ਕੀਤੀ ਸੀ, ਜਿਸ ‘ਤੇ ਪਿਛਲੇ ਅਰਸਿਆਂ ਤੋਂ ਇਕ ਪਰਿਵਾਰ ਹੀ ਅਮਰਵੇਲ ਬਣ ਕੇ ਕਾਬਜ਼ ਹੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਇਸ ਵੇਲੇ ਨਰੈਣੂ ਮਹੰਤ ਨੂੰ ਵੀ ਮਾਤ ਦਿੰਦਿਆਂ ਗੁਰੂ-ਘਰ ਦੀਆਂ ਸਾਰੀਆਂ ਮਰਿਆਦਾਵਾਂ, ਸਿਧਾਂਤਾਂ ਤੇ ਪਰੰਪਰਾਵਾਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ 2011 ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਹੋਈਆਂ, ਜਿਸ ਕਾਰਨ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਦਾ ਖੁੱਲਮ-ਖੁੱਲ੍ਹਾ ਅੱਡਾ ਬਣੀ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਬਿਨਾਂ ਦੇਰੀ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਈਆਂ ਜਾਣ, ਕਿਉਂਕਿ ਸਿੱਖਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ ਹੈ ਤੇ ਜੇਕਰ ਸਰਕਾਰ ਨੇ ਚੋਣਾਂ ਵਿਚ ਦੇਰੀ ਕੀਤੀ ਤਾਂ ਸਿੱਖ ਸੰਗਤਾਂ ਨੂੰ ਬਾਦਲ ਪਰਿਵਾਰ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆਜਾਦ ਕਰਵਾਉਣ ਲਈ ਇਤਿਹਾਸਕ ‘ਚਾਬੀਆਂ ਦੇ ਮੋਰਚੇ’ ਵਰਗੀ ਕਾਰਵਾਈ ਕਰਕੇ ਗੁਰੂ-ਘਰ ਦੀ ਪਰੰਪਰਾ ਤੇ ਮਰਿਆਦਾ ਨੂੰ ਬਚਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਐਲਾਨ ਕੀਤਾ ਹੈ ਕਿ ਅਗਲੇ ਮਹੀਨਿਆਂ ਵਿਚ ਉਹ ਪੰਜਾਬ ਭਰ ਵਿਚ ਸੰਗਤਾਂ ਕੋਲ ਪਹੁੰਚਣਗੇ ਅਤੇ ਜੇਕਰ ਸ਼੍ਰੋਮਣੀ ਕਮੇਟੀ ਚੋਣਾਂ ਨਾ ਹੋਈਆਂ ਤਾਂ ਇਕ ਲੱਖ ਤੋਂ ਵੱਧ ਸੰਗਤਾਂ ਦਾ ਇਕ ਕਰਕੇ ਅਗਲਾ ਸਖਤ ਐਕਸ਼ਨ ਉਲੀਕਣ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿਚ ਚਾਰ ਮਤੇ ਵੀ ਪਾਸ ਗਈ ਗਏ, ਜਿਨ੍ਹਾਂ ਵਿਚ ਪਹਿਲੇ ਮਤੇ ਵਿਚ ਕੇਂਦਰ ਸਰਕਾਰ ਕੋਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਗਈ ਅਤੇ, ਦੂਜੇ ਮਤੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਆਖਿਆ ਗਿਆ ਕਿ 80ਵਿਆਂ ਅਤੇ 90ਵਿਆਂ ਦੌਰਾਨ ਪੰਜਾਬ ਵਿਚ ਵਾਪਰੇ ਸਿਆਸੀ ਹਾਲਾਤਾਂ ਕਾਰਨ ਬਹੁਤ ਸਾਰੇ ਸਿੱਖ ਨੌਜਵਾਨ ਹਥਿਆਰਬੰਦ ਸੰਘਰਸ਼ ਦੇ ਰਾਹੇ ਤੁਰਨ ਲਈ ਮਜਬੂਰ ਹੋ ਗਏ ਸਨ। ਉਸ ਦੌਰਾਨ ਬੇਅੰਤ ਸਿੰਘ-ਸਿੰਘਣੀਆਂ ਸ਼ਹੀਦ ਹੋ ਗਏ ਸਨ ਅਤੇ ਸੈਂਕੜੇ ਸਿੱਖ ਨੌਜਵਾਨ ਸਰਕਾਰ ਨੇ ਫੜ ਕੇ ਜੇਲ੍ਹਾਂ ਵਿਚ ਡੱਕ ਦਿੱਤੇ ਸਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸਿਆਸੀ ਸਿੱਖ ਕੈਦੀ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ ਦੇ ਵਿਚ ਨਜ਼ਰਬੰਦ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਕੇਸਾਂ ਵਿਚ ਹਮਦਰਦੀ ਅਤੇ ਮਨੁੱਖਤਾ ਦੇ ਨਾਤੇ ਨਜ਼ਰਬੰਦਾਂ ਨੂੰ ਰਿਹਾਅ ਵੀ ਕੀਤਾ ਗਿਆ ਅਤੇ ਬਹੁਤ ਸਾਰੇ ਕੇਸਾਂ ਵਿਚ ਸਜ਼ਾਵਾਂ ਵੀ ਮਾਫ ਕੀਤੀਆਂ ਗਈਆਂ। ਹਾਲ ਹੀ ਵਿਚ ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀਆਂ ਨੂੰ ਵੀ ਸਜ਼ਾਵਾਂ ਮਾਫ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿਚ ਐਲਾਨ ਕੀਤਾ ਸੀ ਪਰ ਅਫਸੋਸ ਇਹ ਐਲਾਨ ਅਮਲ ਵਿਚ ਨਹੀਂ ਆ ਸਕਿਆ। ਸਿੱਖ ਪੰਥ ਵਿਚ ਬੰਦੀ ਸਿੰਘਾਂ ਦੀ ਰਿਹਾਈ ਵਿਚ ਕੇਂਦਰ ਸਰਕਾਰ ਵਲੋਂ ਵਰਤੀ ਜਾ ਰਹੀ ਬੇਰੁਖੀ ਨੂੰ ਲੈ ਕੇ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਮਤੇ ਵਿਚ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਵੀ ਤੁਰੰਤ ਰਿਹਾਅ ਕਰਕੇ ਸਿੱਖ ਪੰਥ ਅੰਦਰ ਪੈਦਾ ਹੋ ਰਹੀ ਵਿਤਕਰੇ ਦੀ ਭਾਵਨਾ ਨੂੰ ਦੂਰ ਕੀਤਾ ਜਾਵੇ।
ਤੀਜੇ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਇਕ ਸਬ-ਕਮੇਟੀ ਦੀ ਰਿਪੋਰਟ ਨੂੰ ਮੁੱਢੋਂ ਹੀ ਖਾਰਜ ਕਰਦਿਆਂ ਆਖਿਆ ਹੈ ਕਿ ਜਿਸ ਤਰੀਕੇ ਪਹਿਲਾਂ ਈਸ਼ਰ ਸਿੰਘ ਦੀ ਰਿਪੋਰਟ ਨੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਪਾਵਨ ਸਰੂਪਾਂ ਨੂੰ ਗਾਇਬ ਕਰਨ ਦੇ ਅਸਲ ਸਾਜ਼ਸ਼ਕਾਰਾਂ ਤੇ ਦੋਸ਼ੀਆਂ ਨੂੰ ਬਚਾਉਣ ਲਈ ਅਧੂਰਾ ਸੱਚ ਸਾਹਮਣੇ ਲਿਆਂਦਾ ਸੀ ਹੁਣੇ ਉਸੇ ਤਰ੍ਹਾਂ ਅਸਲੀਅਤ ਉੱਤੇ ਪਰਦਾ ਪਾ ਕੇ ਸੰਗਤ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੇ ਵੀ ਪਾਵਨ ਸਰੂਪਾਂ ਨੂੰ ਲਾਪਤਾ ਕਰਨ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਇਸ ਕਰਕੇ 328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦੀ ਕਿਸੇ ਵੀ ਰਿਪੋਰਟ ਉੱਤੇ ਸੰਗਤ ਨੂੰ ਕੋਈ ਭਰੋਸਾ ਨਹੀੰ ਹੈ ਜਿਸ ਕਾਰਨ ਇਹ ਰਿਪੋਰਟ ਸੰਗਤ ਰੱਦ ਕਰਦੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਨਿਤਾਪ੍ਰਤੀ ਬੇਰੋਕ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕੋਲੋਂ ਸਖਤ ਮਿਸਾਲੀ ਕਾਨੂੰਨ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਪੰਥ ਦੋਖੀ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਸੋਚਣ ਦਾ ਵੀ ਹੀਆ ਨਾ ਕਰ ਸਕੇ। ਚੌਥੇ ਮਤੇ ਵਿਚ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ ਲਾਪਤਾ ਹੋਏ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਕੀਮਤੀ ਖਜਾਨੇ ਸਬੰਧੀ ਸੱਚਾਈ ਸਾਹਮਣੇ ਲਿਆਉਣ ਦੀ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਸਬੰਧੀ ਸਰਕਾਰ ਤੇ ਫੌਜ ਵਲੋਂ ਅਦਾਲਤਾਂ ਵਿਚ ਕਿਹਾ ਗਿਆ ਹੈ ਕਿ ਉਸ ਨੇ ਸਾਰਾ ਜਬਤ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਅਸਲੀਅਤ ਸੰਗਤ ਸਾਹਮਣੇ ਨਹੀਂ ਲਿਆ ਰਹੀ। ਮੰਗ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸਪੱਸ਼ਟੀਕਰਨ ਦੇਵੇ ਅਤੇ ਪੰਥ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਲਾਪਤਾ ਸਾਮਾਨ ਨੂੰ ਲੈ ਕੇ ਬਣੀ ਹੋਈ ਭੰਬਲਭੂਸੇ ਵਾਲੀ ਸਥਿਤੀ ਨੂੰ ਦੂਰ ਕਰਕੇ ਆਪਣੀ ਸਥਿਤੀ ਸਪੱਸ਼ਟ ਕਰੇ।
ਅੱਜ ਦੇ ਇਸ ਵਿਸ਼ਾਲ ਇਕੱਠ ਨੂੰ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜਸਜੀਤ ਸਿੰਘ ਸਮੁੰਦਰੀ, ਅੰਮ੍ਰਿਤ ਸਿੰਘ, ਜਸਜੋਤ ਸਿੰਘ, ਜਗਤਾਰ ਸਿੰਘ ਮਾਹਲ ਅਤੇ ਅਜੈਪਾਲ ਸਿੰਘ ਬਰਾੜ ਨੇ ਵੀ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭ੍ਰਿਸ਼ਟ ਨਿਜ਼ਾਮ ਤੋਂ ਮੁਕਤ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਵੋਟਾਂ ਬਣਾਉਣ ਅਤੇ ਹੋਰ ਤਿਆਰੀਆਂ ਵਿਚ ਜੁਟ ਜਾਣ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਬੈਰੋਪੁਰ ਭਾਗੋਮਾਜਰਾ (ਮੋਹਾਲੀ), ਤੇਜਿੰਦਰ ਸਿੰਘ ਪੂਨੀਆ, ਗੁਰਮੀਤ ਸਿੰਘ ਟੋਨੀ ਪ੍ਰਧਾਨ ਮੋਹਾਲੀ, ਸਰੂਪ ਸਿੰਘ ਸੰਧਾ ਪ੍ਰਧਾਨ ਪਟਿਆਲਾ, ਅਮਰੀਕ ਸਿੰਘ ਰੋਮੀ, ਬਾਬਾ ਰਾਜਨ ਸਿੰਘ, ਅਮਰੀਕ ਸਿੰਘ ਛੀਨਾ, ਤਰਲੋਚਨ ਸਿੰਘ ਸੋਹਲ, ਸਿਮਰਜੋਤ ਸਿੰਘ ਭੜੀ, ਬਾਬਾ ਕਸ਼ਮੀਰ ਸਿੰਘ ਅਲਹੋਰਾਂ, ਬਾਬਾ ਹਰਦੇਵ ਸਿੰਘ ਇਟਲੀ, ਐਡਵੋਕੇਟ ਅਮਰਬੀਰ ਸਿੰਘ, ਬਿਕਰਮਜੀਤ ਸਿੰਘ, ਸ਼ਮਸ਼ੇਰ ਸਿੰਘ ਫਰਾਂਸ, ਬਾਬਾ ਪ੍ਰਿਤਪਾਲ ਸਿੰਘ ਕਾਰ ਸੇਵਾ, ਪਾਲ ਸਿੰਘ ਬਿਜਲੀਪੁਰ, ਮਿਠੁਨ ਸਿੰਘ ਸ਼ਿਕਲੀਗਰ ਸਿੱਖ, ਗੁਰਸੇਵ ਸਿੰਘ ਘਵੱਦੀ ਅਤੇ ਰਜਿੰਦਰ ਸਿੰਘ ਫਤਹਿਗੜ੍ਹ ਛੰਨਾ ਆਦਿ ਵੀ ਹਾਜ਼ਰ ਸਨ। ਇਹ ਰੈਲੀ ਨਿਰੋਲ ਮਾਝੇ ਜ਼ੋਨ ਦੀ ਸੀ ਜਿਸਦੇ ਸਮੁੱਚੇ ਪ੍ਰਬੰਧ ਸ੍ਰ ਜਗਜੋਤ ਸਿੰਘ ਪ੍ਰਧਾਨ ਮਾਝਾ ਜ਼ੋਨ ਪੰਥਕ ਲਹਿਰ ਸ ਰਵੇਲ ਸਿੰਘ ਗੁਰਦਾਸਪੁਰ ਸਟੇਜ ਸਕੱਤਰ ਅਤੇ ਪ੍ਰਧਾਨ ਗੁਰਦਾਸਪੁਰ ਪਠਾਣਕੋਟ ਨੇ ਕਾਮਯਾਬ ਕਰਨ ਲਈ ਅਹਿਮ ਯੋਗਦਾਨ ਪਾਇਆ l