ਹਲਕਾ ਅਮਲੋਹ ਤੋਂ ਪੰਥਕ ਅਕਾਲੀ ਲਹਿਰ ਨੂੰ ਵੱਡਾ ਸਮਰਥਨ

(ਪਿੰਡ: ਅਜਨੇਰ, ਹਲਕਾ ਅਮਲੋਹ) – ਗਿਆਨੀ ਸਿਮਰਜੋਤ ਸਿੰਘ ਭੜੀ ਵਾਲਿਆਂ ਨੇ ਇਸ ਇਲਾਕੇ ਵਿੱਚ ਪੰਥਕ ਅਕਾਲੀ ਲਹਿਰ ਦੀ ਮੀਟਿੰਗ ਕਰਵਾਈ। ਸ੍ਰ. ਗੁਰਚਰਨ ਸਿੰਘ ਢੀਂਡਸਾ (ਆੜ੍ਹਤੀ) ਦੇ ਗ੍ਰਹਿ ਵਿਖੇ ਕੋਟਲਾ ਅਜਨੇਰ, ਸ੍ਰੋਮਣੀ ਕਮੇਟੀ ਹਲਕਾ ਅਮਲੋਹ ਇਲਾਕੇ ਵਿੱਚ ਮੰਨੇ-ਪ੍ਰਮੰਨੇ ਆਗੂਆਂ ਨਾਲ ਪੰਥਕ ਅਕਾਲੀ ਲਹਿਰ ਦੀ ਇਹ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਤੁਸੀਂ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਵੋਂ, ਪਰ ਤੁਸੀਂ ਗੁਰੂ ਪ੍ਰਤਿ ਆਪਣਾ ਫਰਜ਼ ਸਮਝਦੇ ਹੋਏ ਸ੍ਰੀ ਅਕਾਲ ਤਖਤ ਦੀ ਸਰਬਉੱਚਤਾ ਬਹਾਲ ਕਰਨ ਲਈ ਇੱਕਜੁੱਟ ਹੋਵੋ। ਪਿਛਲੇ ਦਿਨੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭੜਕਾਊ ਭਾਸ਼ਣ ਦੌਰਾਨ ਸਿੱਖ ਕੌਮ ਨੂੰ ਦੋਫਾੜ ਕਰਨ ਵਾਲੀਆਂ ਗੱਲਾਂ ਕੀਤੀਆਂ ਸਨ। ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ‘ਪੰਥ ਤੇ ਗ੍ਰੰਥ’ ਦੇ ਪਵਿੱਤਰ ਸਿਧਾਂਤ ਦੀ ਚੜ੍ਹਦੀਕਲਾ ਲਈ ਇਕੱਠੇ ਹੋਣ ਦੀ ਅਪੀਲ ਕੀਤੀ। ਇੱਥੇ ਮੌਜੂਦ ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਹੀ ਪੰਥਕ ਅਕਾਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਪੰਥਕ ਅਕਾਲੀ ਲਹਿਰ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਸਿੱਖ ਸੰਗਤ ਦਾ ਕਾਫਲਾ ਦਿਨੋਂ-ਦਿਨ ਲਹਿਰ ਨਾਲ ਜੁੜਦਾ ਜਾ ਰਿਹਾ ਹੈ।

ਇਸ ਮੀਟਿੰਗ ਵਿੱਚ ਨੌਜਵਾਨ ਆਗੂ ਪ੍ਰੋ. ਧਰਮਜੀਤ ਸਿੰਘ ਜਲਵੇੜਾ, ਸ੍ਰ. ਦਰਸ਼ਨ ਸਿੰਘ ਚੀਮਾ ਹਲਕਾ ਅਮਲੋਹ, ਅਮਰੀਕ ਸਿੰਘ ਰੋਮੀ ਹਲਕਾ ਬਸੀ ਪਠਾਣਾ, ਹਰਕੀਰਤ ਸਿੰਘ ਭੜੀ ਸਮੇਤ ਹੋਰ ਵੀ ਸਿੱਖ ਸੰਗਤ ਮੌਜੂਦ ਸੀ।