“ਪੰਥਕ ਅਕਾਲੀ ਲਹਿਰ ਨੂੰ ਲੁਧਿਆਣਾ ਦੇ ਪਿੰਡਾਂ ਵਿੱਚੋਂ ਮਿਲ ਰਿਹਾ ਭਾਰੀ ਹੁੰਗਾਰਾ”

ਪਿੰਡ: ਕੁਤਬੇਵਾਲ, ਲੁਧਿਆਣਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਪਿਛਲੇ ਦਿਨੀਂ ਇਸ ਨਗਰ ਨਿਵਾਸੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਈ ਪੰਥਕ ਮਸਲਿਆਂ ਅਤੇ ਪੰਥਕ ਅਕਾਲੀ ਲਹਿਰ ਦੀਆਂ ਸਰਗਰਮੀਆਂ ਬਾਰੇ ਚਰਚਾ ਕੀਤੀ ਗਈ। ਸਿੰਘ ਸਾਹਿਬ 267 ਪਾਵਨ ਸਰੂਪਾਂ ਦੇ ਮਾਮਲੇ ਵਿੱਚ SGPC ਪ੍ਰਧਾਨ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ‘ਤੇ ਰੱਜ ਕੇ ਗਰਜੇ। ਉਨ੍ਹਾਂ ਕਿਹਾ ਕਿ SGPC ਦੀ ਨੱਕ ਥੱਲੇ ਹੀ 267 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ ਅਤੇ ਇਸ ਦੀ ਜਾਂਚ ਜਸਟਿਸ ਬੀਬੀ ਨਵਿਤਾ ਸਿੰਘ ਨੂੰ ਦਿੱਤੀ ਗਈ ਸੀ। ਪਰ ਉਸ ਉੱਪਰ ਦਬਾਅ ਬਣਾ ਕੇ ਜਾਂਚ ਕਰਨ ਤੋਂ ਹਟਾਇਆ ਗਿਆ ਅਤੇ ਜਿਸ ਨੂੰ ਹੁਣ ਜਾਂਚ ਅਧਿਕਾਰੀ ਬਣਾਇਆ ਗਿਆ ਹੈ, ਉਹ ਭਾਈ ਈਸ਼ਰ ਸਿੰਘ ਹਨ। ਭਾਈ ਈਸ਼ਰ ਸਿੰਘ ਨਾ ਹੀ ਵਕੀਲ ਹਨ ਅਤੇ ਨਾ ਹੀ ਜੱਜ, ਤਾਂ ਉਹ ਜਾਂਚ ਕਿਸ ਗੱਲ ਦੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਕਰਤਾ ਭਾਈ ਈਸ਼ਰ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦੋਸਤ ਹਨ ਅਤੇ ਉਹ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਿੰਡ ਵਾਸੀਆਂ ਨੇ ਸਿੰਘ ਸਾਹਿਬ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਪ੍ਰਬੰਧਕ ਕਮੇਟੀ ਨੂੰ ਸੁਚੱਜੇ ਹੱਥਾਂ ਵਿੱਚ ਸੌਂਪਣ ਦਾ ਪ੍ਰਣ ਲਿਆ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਇਆ ਜਾ ਸਕੇ ਅਤੇ ਗੁਰੂ ਦੀ ਗੋਲਕ ਨੂੰ ਗਰੀਬਾਂ ਲਈ ਵਰਤਿਆ ਜਾ ਸਕੇ ਅਤੇ ਜੋ ਵਿਧਵਾ ਔਰਤਾਂ ਹਨ ਉਨ੍ਹਾਂ ਨੂੰ ਹਰ ਮਹੀਨੇ ਗੁਰੂ ਦੀ ਗੋਲਕ ਵਿੱਚੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਵਿੰਗ ਦੇ ਮੈਂਬਰ ਲਖਵੰਤ ਸਿੰਘ ਦੋਬੁਰਜੀ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ ਬਲਵੰਤ ਸਿੰਘ, ਅਜੀਤਪਾਲ ਸਿੰਘ, ਸਿਮਰ ਸਿੰਘ, ਸੁਮਸੇਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਹੋਏ।