ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

(ਸਥਾਨ: ਹਦੀਆਬਾਦ ਫਗਵਾੜਾ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ) – ਅੱਜ ਇਸ ਅਸਥਾਨ ‘ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਉਚੇਚੇ ਤੌਰ ‘ਤੇ ਹਿੱਸਾ ਲਿਆ।

ਸਿੰਘ ਸਾਹਿਬ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਅਤੇ ਪਰਉਪਕਾਰਾਂ ਬਾਰੇ ਸਿੱਖ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸਿੰਘ ਸਾਹਿਬ ਨੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ “ਸਾਡੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਪਵਿੱਤਰ ਸਿਧਾਂਤ ਅੱਜ ਰੁਲ ਰਹੇ ਹਨ। ਗੁਰੂਘਰਾਂ ‘ਤੇ ਕਾਬਜ਼ ਅਜੋਕੇ ਨਰੈਣੂ ਮਹੰਤਾਂ ਨੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਜਦੋੰ ਸਿੱਖ ਸੰਗਤ ਗਾਇਬ ਹੋਏ ਪਾਵਨ ਸਰੂਪਾਂ ਦਾ ਜਵਾਬ ਲੈਣ ਲਈ ਹਰਿਮੰਦਰ ਸਾਹਿਬ ਗਈ ਤਾਂ ਪ੍ਰਬੰਧਕ ਕਮੇਟੀ ਨੇ ਭਾੜੇ ਦੇ ਗੁੰਡੇ ਲਿਆ ਕੇ ਸਿੱਖ ਸੰਗਤ ਦੀਆਂ ਲੱਤਾਂ-ਬਾਂਹਾਂ ਤੁੜਵਾਈਆਂ”।

ਸਿੰਘ ਸਾਹਿਬ ਨੇ ਕਿਹਾ ਕਿ “ਨਰੈਣੂ ਮਹੰਤਾਂ ਦੀ ਅਜੋਕੀ ਪੀੜ੍ਹੀ ਨੂੰ ਗੁਰੂਘਰਾਂ ਵਿੱਚੋਂ ਬਾਹਰ ਕੱਢਣ ਲਈ ਸਿੱਖ ਸੰਗਤ ਕਮਰਕਸੇ ਕਰ ਲਵੇ ਅਤੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਵੇ, ਤਾਂ ਹੀ ਅਸੀਂ ਗੁਰੂਘਰ ਦੀਆਂ ਪ੍ਰੰਪਰਾਵਾਂ ਅਤੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਿਧਾਂਤਾਂ ਨੂੰ ਬਚਾ ਕੇ ਰੱਖ ਸਕਦੇ ਹਾਂ”।