ਸ.ਮਨੋਹਰ ਸਿੰਘ ਵਾਰਡ ਨੰਬਰ 24, ਰਵੀ ਨਗਰ (ਵਿਸ਼ਨੂੰ ਗਾਰਡਨ) ਹਲਕੇ ਤੋਂ ਪੰਥਕ ਅਕਾਲੀ ਲਹਿਰ ਦੇ ਉਮੀਦਵਾਰ

21 ਮਾਰਚ ਦਿਨ ਐਤਵਾਰ ਨੂੰ ਵਾਰਡ ਨੰਬਰ 24, ਰਵੀ ਨਗਰ (ਵਿਸ਼ਨੂੰ ਗਾਰਡਨ) ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬਹੁਤ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਸੰਗਤਾਂ ਦੀ ਮੰਗ ਅਨੁਸਾਰ ਸਰਦਾਰ ਮਨੋਹਰ ਸਿੰਘ ਨੂੰ ਵਾਰਡ ਨੰਬਰ 24 ਤੋਂ ਪੰਥਕ ਅਕਾਲੀ ਲਹਿਰ ਵਲੋਂ ਉਮੀਦਵਾਰ ਐਲਾਨਿਆ ਗਿਆ।

ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸ. ਮਨੋਹਰ ਸਿੰਘ ਦੇ ਨਾਮ ਦੀ ਪ੍ਰਵਾਨਗੀ ਮੰਗੀ ਗਈ ਜੋ ਪੰਥਕ ਅਕਾਲੀ ਲਹਿਰ ਵਲੋਂ ਸਿਰੋਪਾਓ ਪਾ ਕੇ ਦੇ ਦਿੱਤੀ ਗਈ। ਇਸ ਮੀਟਿੰਗ ਵਿੱਚ ਪਹੁੰਚੇ ਇਲਾਕੇ ਦੇ ਦਾਨਿਸ਼ਮੰਦ ਸਿੱਖਾਂ ਨੇ ਸਿੰਘ ਸਾਹਿਬ ਦੇ ਵਿਚਾਰ ਸੁਣੇ। ਸਿੰਘ ਸਾਹਿਬ ਨੇ ਦੱਸਿਆ ਕਿ ਉਹ ਪੰਥਕ ਅਕਾਲੀ ਲਹਿਰ ਬਣਾ ਕੇ ਸੰਗਤਾਂ ਵਿੱਚ ਜਾ ਰਹੇ ਹਨ ਤਾਂ ਕਿ ਲੰਮੇ ਸਮੇਂ ਤੋਂ ਪ੍ਰਬੰਧ ‘ਤੇ ਕਾਬਜ਼ ਲੁਟੇਰਿਆਂ ਅਤੇ ਗੁਰੂ ਦੋਖੀਆਂ ਤੋਂ ਗੁਰਧਾਮਾਂ, ਜਾਇਦਾਦਾਂ ਅਤੇ ਪੰਥਕ ਸਿਧਾਤਾਂ ਨੂੰ ਬਚਾਉਣ ਲਈ ਯਤਨ ਕੀਤਾ ਜਾ ਸਕੇ।

ਸਿੰਘ ਸਾਹਿਬ ਨੇ ਗੁਰੂ ਘਰ ਦੀ ਗੋਲਕ ਦੀ ਹੋ ਰਹੀ ਲੁੱਟ ਖਸੁੱਟ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅੱਜ ਕਮੇਟੀ ਦਾ ਪ੍ਰਧਾਨ ਹਸਪਤਾਲਾਂ ਦਾ ਦਿਖਾਵਾ ਕਰਕੇ ਆਪਣਾ ਨਾਂ ਚਮਕਾਉਣ ਲਈ ਮਹੀਨੇ ਦਾ 50-50 ਲੱਖ ਰੁਪਿਆ ਗੁਰੂ ਦੀ ਗੋਲਕ ਵਿੱਚੋਂ ਖ਼ਰਚ ਕਰ ਰਿਹਾ ਹੈ। ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਮੀਡੀਆ ਨੂੰ ਲੱਖਾਂ ਰੁਪਏ ਦੇ ਕੇ ਆਪਣੀ ਝੂਠੀ ਸ਼ਾਨ ਬਹਾਲ ਕਰਨ ਦਾ ਯਤਨ ਕਰ ਰਿਹਾ ਹੈ। ਸਿੰਘ ਸਾਹਿਬ ਨੇ ਇਸ ਤਰ੍ਹਾਂ ਦੇ ਨਕਲੀ ਪ੍ਰਚਾਰ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕੀਤਾ।

ਚੋਣਾਂ ਵਿੱਚ ਸੱਚੇ-ਸੁੱਚੇ ਕਿਰਦਾਰ ਵਾਲੇ ਸਿੱਖਾਂ ਨੂੰ ਜਿਤਾਉਣ ਦੀ ਬੇਨਤੀ ਕਰਦਿਆਂ ਸਿੰਘ ਸਾਹਿਬ ਨੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਵੰਡਣ ਵਾਲਿਆਂ ਨੂੰ ਮੁਹੱਲੇ ਵਿੱਚ ਨਾ ਵੜਨ ਦੇਣ ਦੀ ਵੀ ਅਪੀਲ ਕੀਤੀ।
ਦਿੱਲੀ ਵਿਖੇ ਵਾਰਡ ਨੰਬਰ 21 ਵਿੱਚ ਪੰਥਕ ਅਕਾਲੀ ਲਹਿਰ ਦੇ ਚੋਣ ਦਫ਼ਤਰ ਦਾ ਉਦਘਾਟਨ

ਦਿੱਲੀ ਵਿੱਚ ਹੋ ਰਹੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ 21 ਮਾਰਚ ਦਿਨ ਐਤਵਾਰ ਨੂੰ ਵਾਰਡ ਨੰਬਰ 21 ਵਿਖੇ ਪੰਥਕ ਅਕਾਲੀ ਲਹਿਰ ਦੇ ਚੋਣ ਦਫ਼ਤਰ ਦਾ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਦੀ ਮੌਜੂਦਗੀ ਵਿੱਚ ਕੀਤਾ।

ਸਿੰਘ ਸਾਹਿਬ ਨੇ ਸੰਗਤਾਂ ਨੂੰ ਪੰਥਕ ਅਕਾਲੀ ਲਹਿਰ ਨਾਲ ਜੁੜ ਕੇ ਪ੍ਰਬੰਧਕ ਕਮੇਟੀ ਵਿੱਚ ਬਦਲਾਅ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਥੇ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਦੀ ਇੱਛਾ ਅਨੁਸਾਰ ਇਸ ਵਾਰਡ ਤੋਂ ਉਮੀਦਵਾਰ ਦਾ ਐਲਾਨ ਕੀਤਾ ਜਾ ਸਕੇ।