ਹਲਕਾ ਖੰਨਾ ਤੋਂ ਪੰਥਕ ਅਕਾਲੀ ਲਹਿਰ ਨੂੰ ਮਿਲਿਆ ਸਹਿਯੋਗ

(ਪਿੰਡ: ਈਸੜੂ, ਨੇੜੇ ਖੰਨਾ) – ਸਿੱਖੀ ਸਿਧਾਂਤਾਂ ਅਤੇ ਗੁਰਧਾਮਾਂ ਨੂੰ ਬਚਾਉਣ ਲਈ ਨਿਰਸੁਆਰਥ ਸੇਵਾ ਕਰ ਰਹੀ ਪੰਥਕ ਅਕਾਲੀ ਲਹਿਰ ਦਾ ਕਾਫਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸੇ ਲੜੀ ਵਿੱਚ ਪਿੰਡ ਈਸੜੂ ਦੀ ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਨੂੰ ਦੇਖਦਿਆਂ ਹੋਇਆਂ ਲਹਿਰ ਨਾਲ ਜੁੜਨ ਦਾ ਫੈਸਲਾ ਕੀਤਾ। ਸਮੂਹ ਨਗਰ ਨਿਵਾਸੀਆਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਆਪਣੇ ਇਲਾਕੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ।

ਇੱਥੇ ਸਿੰਘ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ SGPC ਦੇ ਸ਼ਤਾਬਦੀ ਸਮਾਗਮ ਦੌਰਾਨ ਬੋਲੀ ਇਕੱਲੀ-ਇਕੱਲੀ ਗੱਲ ਦਾ ਜੁਆਬ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ “ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਵੀ ਝੂਠ ਬੋਲੇ ਸਨ ਅਤੇ ਹੁਣ ਵੀ ਉਹਨਾਂ ਵੱਲੋਂ ਕਈ ਝੂਠ ਬੋਲੇ ਗਏ ਹਨ। ਗਾਇਬ ਹੋਏ 328 ਪਾਵਨ ਸਰੂਪ, 200 ਪੁਰਾਤਨ ਸਰੂਪ, ਹੱਥ ਲਿਖਤ ਹੁਕਮਨਾਮੇ, ਸੁਨਹਿਰੀ ਪੋਥੀ ਅਤੇ ਹੋਰ ਬੇਸ਼ਕੀਮਤੀ ਸਮਾਨ ਦਾ ਜਵਾਬ ਅਸੀਂ ਪ੍ਰਬੰਧਕ ਕਮੇਟੀ ਤੋਂ ਲੈ ਕੇ ਹੀ ਰਹਾਂਗੇ। ਗਿਆਨੀ ਹਰਪ੍ਰੀਤ ਸਿੰਘ ਸਾਨੂੰ ਪ੍ਰੈੱਸ ਸਾਹਮਣੇ ਆ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ”।

ਇਸ ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਲੀਡਰ ਧਰਮਜੀਤ ਸਿੰਘ ਜਲਵੇੜਾ, ਲਖਵੰਤ ਸਿੰਘ ਦਬੁਰਜੀ, ਸੁਖਵੰਤ ਸਿੰਘ, ਬੀਬੀ ਇੰਦਰਜੀਤ ਕੌਰ ਹਲਕਾ ਖੰਨਾ ਅਤੇ ਈਸੜੂ ਪਿੰਡ ਦੇ ਕਈ ਪਤਪੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਲਵਾਈ।