ਜ਼ਰੂਰੀ ਸੂਚਨਾ: ‘ਦ ਹਿੰਦੂ ਅਖਬਾਰ ਨੇ ਜਥੇਦਾਰ ਸਾਹਿਬ ਬਾਰੇ ਫੈਲਾਈ ਖ਼ਬਰ ਨੂੰ ਝੂਠਾ ਕਰਾਰ ਦਿੱਤਾ

ਪਿਛਲੇ ਦਿਨੀਂ ਜਥੇਦਾਰ ਭਾਈ ਰਣਜੀਤ ਸਿੰਘ ਦੇ ਅਯੁੱਧਿਆ ਵਿੱਚ ਰਾਮ ਮੰਦਰ ਭੂਮੀ ਪੂਜਨ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਿਲ ਹੋਣ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਸਨ। ਖ਼ਬਰ ਦੀ ਤਹਿ ਤੱਕ ਪਹੁੰਚਣ ਲਈ ਅਸੀਂ ‘ਦ ਹਿੰਦੂ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਅਖ਼ਬਾਰ ਦੇ ਨਾਮ ਹੇਠ ਚਲਾਈ ਜਾ ਰਹੀ ਖ਼ਬਰ ਬਾਬਤ ਸ਼ਪੱਸ਼ਟੀਕਰਨ ਮੰਗਿਆ ਸੀ। ਅਖ਼ਬਾਰ ਦੇ ਸੰਪਾਦਕ ਨੇ ਜਵਾਬ ਵਿੱਚ ਸ਼ਪੱਸ਼ਟ ਕੀਤਾ ਹੈ ਕਿ ਉਕਤ ਖ਼ਬਰ ਉਨ੍ਹਾਂ ਦੇ ਅਖਬਾਰ ਵੱਲੋਂ ਕਦੇ ਵੀ ਛਾਪੀ ਨਹੀਂ ਗਈ। ਅਖਬਾਰ ਨੇ ਇਸ ਖ਼ਬਰ ਨੂੰ ਝੂਠਾ ਕਰਾਰ ਦਿੱਤਾ ਹੈ। ਸਾਫ ਜ਼ਾਹਿਰ ਹੈ ਕਿ ਸ਼ਰਾਰਤੀ ਕਿਸਮ ਦੇ ਲੋਕ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਅਕਸ ਨੂੰ ਖਰਾਬ ਕਰਕੇ ਪੰਥ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਹਨ। ਅਜਿਹੇ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਤੋਂ ਸੰਗਤ ਬਚਕੇ ਰਹੇ। ਅਜਿਹੇ ਲੋਕ ਸਮਝ ਜਾਣ ਕਿ ਜਥੇਦਾਰ ਭਾਈ ਰਣਜੀਤ ਸਿੰਘ ਪੰਥਕ ਸਿਧਾਂਤਾਂ ਦੇ ਖਿਲਾਫ ਜਾ ਕੇ ਨਾ ਹੀ ਤਾਂ ਕਦੇ ਵੀ ਅਜਿਹੇ ਸਮਾਗਮ ਵਿੱਚ ਸ਼ਾਮਿਲ ਹੋਏ ਹਨ ਅਤੇ ਨਾ ਹੀ ਹੋਣਗੇ।

‘ਦ ਹਿੰਦੂ ਅਖਬਾਰ ਦੇ ਸੰਪਾਦਕ ਸ੍ਰੀ ਸੁਰੇਸ਼ ਨਮਬਾਬ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਦੇ ਅਖਬਾਰ ਨੇ ਅਜਿਹੀ ਕੋਈ ਵੀ ਖਬਰ ਨਹੀਂ ਛਾਪੀ। ਜਿਸ ਤੋਂ ਬਾਅਦ SSP ਮੋਹਾਲੀ ਤੋਂ ਮੰਗ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਸਰਕੁਲੇਸ਼ਨ ਵਿੱਚ ਝੂਠੀ ਖਬਰ ਘੜਨ, ਜੋ ਅਖਬਾਰ ਨੇ ਨਹੀਂ ਛਾਪੀ, ਨੂੰ ਸਰਕੂਲੇਸ਼ਨ ਵਿੱਚ ਪਾਏ ਜਾਣ ਵਿਰੁੱਧ ਧੋਖਾਧੜੀ, ਮਾਨਹਾਨੀ ਦਾ ਕੇਸ ਰਜਿਸਟਰ ਤੇ ਯੋਗ ਕਾਰਵਾਈ ਕੀਤੀ ਜਾਵੇ।
ਜਾਰੀ ਕਰਤਾ:

ਮੁੱਖ ਦਫ਼ਤਰ ਪੰਥਕ ਅਕਾਲੀ ਲਹਿਰ