“ਜ਼ਿਲ੍ਹਾ ਮਾਨਸਾ ‘ਚ ਪੰਥਕ ਅਕਾਲੀ ਲਹਿਰ ਦੀ ਹੋਈ ਅਹਿਮ ਮੀਟਿੰਗ”

ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਗਿਆਨੀ ਭੋਲਾ ਸਿੰਘ ਭਿੰਡਰ ਕਲਾਂ ਵਾਲਿਆਂ ਨੇ ਆਪਣੇ ਇਲਾਕੇ ਵਿੱਚ ਪੰਥਕ ਅਕਾਲੀ ਲਹਿਰ ਦੀ ਮੀਟਿੰਗ ਕਰਵਾਈ। ਇਸ ਮੀਟਿੰਗ ਦੀ ਅਗਵਾਈ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਕੀਤੀ। ਸਿੰਘ ਸਾਹਿਬ ਨਾਲ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC) ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਇਲਾਕੇ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਨੌਜਵਾਨ ਆਪ-ਮੁਹਾਰੇ ਵੱਡੀ ਗਿਣਤੀ ਵਿੱਚ ਮੋਟਰਸਾਈਕਲਾਂ ‘ਤੇ ਇੱਕ ਕਾਫਲੇ ਦੇ ਰੂਪ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ ਪਹੁੰਚੇ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇੱਕ ਪਰਿਵਾਰ ਦੇ ਗਲਬੇ ਕਾਰਨ ਪ੍ਰਬੰਧਕ ਕਮੇਟੀ ਦਾ ਮੌਜੂਦਾ ਨਿਜ਼ਾਮ ਬਹੁਤ ਨਿਘਾਰ ਵੱਲ ਜਾ ਰਿਹਾ ਹੈ। ਸਾਡੇ ਧਾਰਮਿਕ ਗ੍ਰੰਥ ਅਤੇ ਸਿੱਖੀ ਸਿਧਾਂਤਾਂ ਨੂੰ ਵੀ ਇਸ ਪਰਿਵਾਰ ਨੇ ਤਹਿਸ-ਨਹਿਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸਿੰਘ ਸਾਹਿਬ ਨੇ ਕਿਹਾ ਕਿ ਆਓ ਅਸੀਂ ਇਕੱਠੇ ਹੋ ਕੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਪਵਿੱਤਰ ਸਿਧਾਂਤਾਂ ਨੂੰ ਬਚਾਈਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਮੁੜ ਬਹਾਲ ਕਰਕੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਜਿਉਂਦਾ ਰੱਖਈਏ। ਸਾਰੀ ਸਿੱਖ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਭਰੋਸਾ ਦਿੱਤਾ।

ਇਸ ਮੌਕੇ ਪਿੰਡ ਦੇ ਸਰਪੰਚ ਸ੍ਰ. ਗੁਰਸੇਵਕ ਸਿੰਘ, ਨਿਰਮਲ ਸਿੰਘ ਫੱਤਾ ਮਾਲੋਕਾ, ਹਰਜਿੰਦਰ ਸਿੰਘ ਹੰਸ, ਬਾਬਾ ਦੀਪ ਸਿੰਘ ਗ੍ਰੰਥੀ ਸਭਾ ਜ਼ਿਲ੍ਹਾ ਮਾਨਸਾ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।